ਲੁਧਿਆਣਾ (ਵਿੱਕੀ) : ਕੋਈ ਸਮਾਂ ਸੀ ਜਦੋਂ ਰਾਸ਼ਟਰੀ ਪੱਧਰ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਹਿੱਸਾ ਲੈਣਾ ਸਿਰਫ਼ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਤੱਕ ਹੀ ਸੀਮਤ ਸੀ। ਪਿਛਲੇ ਵਰ੍ਹੇ ਤੋਂ ਵਿਜੈਇੰਦਰ ਸਿੰਗਲਾ ਸਿੱਖਿਆ ਮੰਤਰੀ ਪੰਜਾਬ ਜੀ ਦੀ ਰਹਿਨੁਮਾਈ ਵਿੱਚ ਸਿੱਖਿਆ ਮਹਿਕਮੇ ਵੱਲੋਂ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀ ਦੇਖ-ਰੇਖ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਐੱਨ. ਟੀ. ਐੱਸ. ਸੀ. ਅਤੇ ਐੱਨ. ਐੱਮ. ਐੱਮ. ਐੱਸ. ਆਦਿ ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗਤਾਵਾਂ ਦੀ ਤਿਆਰੀ ਸਰਕਾਰੀ ਸਕੂਲਾਂ ਵਿੱਚ ਹੀ ਕਰਵਾਈ ਜਾ ਰਹੀ ਹੈ। ਨਤੀਜ਼ਨ ਜਿੱਥੇ ਪਿਛਲੇ ਵਰ੍ਹੇ ਸਰਕਾਰੀ ਸਕੂਲਾਂ ਦੇ ਦਸਵੀਂ ਜਮਾਤ ਦੇ 12 ਵਿਦਿਆਰਥੀ ਐੱਨ.ਟੀ.ਐੱਸ.ਸੀ. ਪੱਧਰ -1 ਦੀ ਪ੍ਰੀਖਿਆ ਪਾਸ ਕਰਕੇ ਝੰਡਾ ਬਰਦਾਰ ਬਣ ਚੁੱਕੇ ਹਨ। ਉੱਥੇ ਇਨ੍ਹਾਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਨਾਲ ਵਿਦਿਆਰਥੀ ਭਵਿੱਖ ਵਿੱਚ ਵੀ ਉੱਚ ਦਰਜੇ ਦੀਆਂ ਮੁਕਾਬਲਾ ਪ੍ਰੀਖਿਆਵਾਂ ਵਿੱਚ ਹਿੱਸਾ ਲੈਣ ਦੇ ਕਾਬਿਲ ਬਣ ਰਹੇ ਹਨ। ਸਿੱਖਿਆ ਮਹਿਕਮੇ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਪੰਜਾਬ ਵੱਲੋਂ ਸੈਸ਼ਨ 2021-22 ਲਈ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਰੈਗੂਲਰ ਪੜ੍ਹਾਈ ਦੇ ਨਾਲ -ਨਾਲ ਸੈਸ਼ਨ ਦੇ ਆਰੰਭ ਵਿੱਚ ਹੀ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਸਬੰਧੀ ਸਿੱਖਿਆ ਸਕੱਤਰ ਵੱਲੋਂ ਬੀਤੀ ਦਿਨੀਂ ਪ੍ਰੇਰਨਾਦਾਇਕ ਮੀਟਿੰਗ ਵੀ ਕੀਤੀ ਗਈ ਜਿਸ ਵਿਚ 188 ਅਧਿਕਾਰੀਆਂ ਅਤੇ ਅਧਿਆਪਕਾਂ ਦੀ ਟੀਮ ਨੇ ਭਾਗ ਲਿਆ।
ਇਹ ਵੀ ਪੜ੍ਹੋ : PSEB ਨੇ ਜਾਰੀ ਕੀਤੇ ਨਤੀਜੇ, 8ਵੀਂ ਅਤੇ 10ਵੀਂ ਦੇ 6 ਲੱਖ ਤੋਂ ਵਧੇਰੇ ਵਿਦਿਆਰਥੀ ਬਿਨਾਂ ਪ੍ਰੀਖਿਆ ਹੋਏ ਪਾਸ
ਮਹਿਕਮੇ ਵੱਲੋਂ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਇਸ ਕੋਚਿੰਗ ਦੀ ਇੱਕ ਖਾਸੀਅਤ ਹੈ ਕਿ ਸਿਖਲਾਈ ਬਿਲਕੁੱਲ ਮੁਫ਼ਤ ਹੈ। ਦੂਜਾ ਮਹਿਕਮੇ ਵੱਲੋਂ ਵਿਦਿਆਰਥੀਆਂ ਨੂੰ ਤਿਆਰੀ ਸਟੇਟ ਅਤੇ ਜ਼ਿਲ੍ਹਾ ਪੱਧਰ 'ਤੇ ਚੁਣੇ ਗਏ ਤਜ਼ਰਬੇਕਾਰ ਵਿਸ਼ਾ ਮਾਹਿਰਾਂ ਦੁਆਰਾ ਕਰਵਾਈ ਜਾਂਦੀ ਹੈ। ਜਿਸ ਨਾਲ ਮਾਪਿਆਂ ਨੂੰ ਬਾਹਰ ਨਿੱਜੀ ਕੋਚਿੰਗ ਕੇਂਦਰਾਂ ਦੀ ਭਾਰੀ ਭਰਕਮ ਫੀਸਾਂ ਦੀ ਅਦਾਇਗੀ ਦੀ ਬੱਚਤ ਹੋ ਰਹੀ ਹੈ। ਬੁਲਾਰੇ ਅਨੁਸਾਰ ਇਸ ਵਰ੍ਹੇ ਵੀ ਸਕੂਲ ਪੱਧਰ 'ਤੇ ਵਿਦਿਆਰਥੀਆਂ ਦੀ ਤਿਆਰੀ ਕਰਵਾਉਣ ਲਈ 4487 ਸਕੂਲ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ ਅਤੇ ਜ਼ਿਲ੍ਹਾ ਅਤੇ ਬਲਾਕ ਮੈਂਟਰਾਂ ਦੀ ਅਗਵਾਈ ਵਿੱਚ ਅਧਿਆਪਕਾਂ ਵੱਲੋਂ ਐੱਨ.ਟੀ.ਐੱਸ.ਈ. ਦੀ ਤਿਆਰੀ ਲਈ ਦਸਵੀਂ ਵਿੱਚ ਪੜ੍ਹਦੇ 22987 ਅਤੇ ਐੱਨ.ਐੱਮ.ਐੱਮ.ਐੱਸ. ਦੀ ਤਿਆਰੀ ਲਈ 29023 ਵਿਦਿਆਰਥੀਆਂ ਦੀ ਚੋਣ ਕੀਤੀ ਜਾ ਚੁੱਕੀ ਹੈ। ਮਹਿਕਮੇ ਵੱਲੋਂ ਇਨ੍ਹਾਂ ਪ੍ਰੀਖਿਆਵਾਂ ਦੀ ਤਿਆਰੀ ਦਾ ਕੰਮ ਸੁਚਾਰੂ ਰੂਪ ਵਿੱਚ ਚਲਾਉਣ ਲਈ ਤਜ਼ਰਬੇਕਾਰ ਅਧਿਆਪਕਾਂ ਦੀ ਸ਼ਮੂਲੀਅਤ ਵਾਲੀ ਐੱਨ.ਟੀ.ਐੱਸ.ਈ. ਕੋਰ ਕਮੇਟੀ ਵੀ ਬਣਾਈ ਗਈ ਹੈ ਜਿਨ੍ਹਾਂ ਵੱਲੋਂ ਤਿਆਰ ਕੀਤੀ ਗਈ ਉੱਚ ਪਾਏ ਦੀ ਸਿੱਖਣ ਸਮੱਗਰੀ ਵਿਦਿਆਰਥੀਆਂ ਨੂੰ ਭੇਜੀ ਜਾ ਰਹੀ ਹੈ। ਮਹਿਕਮੇ ਵੱਲੋਂ ਆਨ ਲਾਈਨ ਵੀਡੀਓ ਕਲਾਸਾਂ ਰਾਹੀਂ ਸਬੰਧਿਤ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵੀ ਸ਼ੁਰੂ ਕਰਵਾਈ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਪੰਥਕ ਸਿਆਸਤ ’ਚ ਵੱਡਾ ਧਮਾਕਾ, ਢੀਂਡਸਾ ਤੇ ਬ੍ਰਹਮਪੁਰਾ ਨੇ ਐਲਾਨਿਆ ਨਵਾਂ ਦਲ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਰੇਲਵੇ ਆਪਣੇ ਹਸਪਤਾਲਾਂ ਲਈ 86 ਆਕਸੀਜਨ ਪਲਾਂਟ ਲਗਾਉਣ ਦੀ ਕਰ ਰਿਹਾ ਤਿਆਰੀ
NEXT STORY